• ਘਰ /
  • ਜਨਣ ਪ੍ਰਕਿਰਿਆ ਦੀਆਂ ਸਹਾਇਕ ਵਿਧੀਆਂ

ਜਨਣ ਪ੍ਰਕਿਰਿਆ ਦੀਆਂ ਸਹਾਇਕ ਵਿਧੀਆਂ

ਟੈਸਟ ਟਿਊਬ ਬੇਬੀ, ਇਕਸੀ, ਮੀਜ਼ਾ, ਪੀਜ਼ਾ, ਟੀਜ਼ਾ ਤੇ ਟੀਜ਼ੀ

ਟੈਸਟ ਟਿਊਬ ਬੱਚੇ ਦੇ ਜਨਮ ਨਾਲ ਬੇਔਲਾਦ ਰੋਗੀਆਂ ਦੇ ਇਲਾਜ ਵਿਚ ਇਕ ਵੱਡੀ ਕ੍ਰਾਂਤੀ ਆ ਗਈ ਹੈ। ਰੋਬਰਟ ਏਡਵਰਡ ਅਤੇ ਪੈਟਰਿਕ ਸਟੈਪਟੋ ਦੀ ਇਕ ਦਹਾਕੇ ਤੋ ਵੀ ਵਧ ਤੇ ਅਣਥੱਕ ਮਿਹਨਤ ਸਦਕਾ, ਕਰੀਬ 100 ਕੇਸਾਂ ਦੀ ਅਸਫਲਤਾ ਤੋਂ ਬਾਅਦ 26 ਜੁਲਾਈ 1978 ਨੂੰ ਦੁਨੀਆਂ ਦਾ ਸਭ ਤੋ ਪਹਿਲਾਂ ਟੈਸਟ ਟਿਊਬ ਬੇਬੀ ਇੰਗਲੈਂਡ ਵਿਚ ਹੋਇਆ। ਹੁਣ ਤੱਕ ਦੁਨੀਆ ਵਿਚ 10 ਲੱਖ ਤੋ ਵੀ ਜਿਆਦਾ ਬੱਚੇ ਇਸ ਵਿਧੀ ਦੁਆਰਾ ਪੈਦਾ ਹੋ ਚੁਕੇ ਹਨ । ਇਸ ਵਿਧੀ ਵਿਚ ਰੋਗੀ ਨੂੰ ਠੀਕ ਕਰਨ ਦਾ ਕੋਈ ਯਤਨ ਨਹੀ ਕੀਤਾ ਜਾਂਦਾ, ਸਾਡਾ ਮਕਸਦ ਸਿਰਫ ਔਰਤ ਨੂੰ ਗਰਭਵਤੀ ਬਣਾਉਣਾ ਹੁੰਦਾ ਹੈ ।

ਟੈਸਟ ਟਿਊਬ ਬੇਬੀ (In Vitro Fertilization and Embryo Transfer)

ਇਸ ਵਿਧੀ ਵਿਚ ਔਰਤ ਦੇ ਅੰਡੇ ਅਤੇ ਆਦਮੀ ਦੇ ਸ਼ੁਕਰਾਣੂ ਦਾ ਮੇਲ ਔਰਤ ਦੇ ਸਰੀਰ ਤੋ ਬਾਹਰ ਪ੍ਰਯੋਗਸ਼ਾਲਾ ਵਿਚ ਕਰਵਾਇਆ ਜਾਦਾ ਹੈ ।ਇਸ ਤਰ੍ਹਾਂ ਭਰੂਣ ਤਿਆਰ ਕਰਕੇ ਕੁਦਰਤੀ ਤੌਰ 'ਤੇ ਵਿਕਾਸ ਲਈ ਫਿਰ ਔਰਤ ਦੀ ਬੱਚੇਦਾਨੀ (Embryo Transfer) ਵਿਚ ਰੱਖ ਦਿੱਤਾ ਜਾਂਦਾ ਹੈ। ਇਸ ਵਿਧੀ ਨੂੰ ਅਸੀ ਟੈਸਟ ਟਿਊਬ ਬੇਬੀ ਵਿਧੀ ਕਹਿੰਦੇ ਹਨ।

ਟੈਸਟ ਟਿਊਬ ਬੇਬੀ ਵਿਧੀ ਦਾ ਕਿਹੜੇ ਮਰੀਜ਼ਾ ਨੂੰ ਫਾਇਦਾ ਹੋ ਸਕਦਾ ਹੈ?

  • • ਜਿਨ੍ਹਾਂ ਔਰਤਾ ਦੀਆਂ ਟਿਊਬਾਂ ਬੰਦ ਹੋਣ।
  • • ਜਿਨ੍ਹਾਂ ਔਰਤਾ ਦੀਆਂ ਚੀਰ ਫਾੜ ਕਰ ਕੇ, ਕਿਸੇ ਕਾਰਨ ਕਰਕੇ ਟਿਊਬਾਂ ਬਾਹਰ ਕੱਢ ਦਿੱੱਤੀਆਂ ਜਾਣ ਜਾਂ ਨਕਾਰਾ ਹੋ ਜਾਣ।
  • • ਟਿਊਬਾਂ ਇਨਫੈਕਸ਼ਨ ਕਰਕੇ ਖਰਾਬ ਹੋ ਜਾਣ।
  • • ਜਿਨ੍ਹਾਂ ਮਰਦਾ ਦੇ ਸ਼ੁਕਰਾਣੂਆਂ ਦੀ ਗਿਣਤੀ ਇਕ ਕਰੋੜ ਤੋ ਘੱਟ ਹੋਵੇ ਪਰ ਅੱਧੇ ਕਰੋੜ ਤੋ ਜ਼ਿਆਦਾ ਹੋਵੇ।
  • • ਇੰਡੋਮਿਟਰੋਸਿਸ
  • • ਜਿਨ੍ਹਾਂ ਮਰੀਜ਼ਾ ਦਾ 5-6 ਵਾਰ ਆਈ.ਯੂ.ਆਈ, ਲਗਾਤਾਰ ਫੇਲ੍ਹ ਹੋ ਜਾਏ।
  • • ਜਿਨ੍ਹਾਂ ਔਰਤਾ ਵਿਚ ਗਰਭ ਨਾ ਠਹਿਰਣ ਦਾ ਕੋਈ ਕਾਰਨ ਨਾ ਪਤਾ ਲਗੇ।

ਟੈਸਟ ਟਿਊਬ ਬੇਬੀ ਦੀ ਵਿਧੀ ਕਿਵੇਂ ਅਪਣਾਈ ਜਾਂਦੀ ਹੈ?

ਇਹ ਇਕ ਲੜੀਵਾਰ ਵਿਧੀ ਹੈ। ਹਰ ਕ੍ਰਮ ਦੀ ਜਾਂਚ ਅਲਟਰਾ ਸਾਊਂਡ ਨਾਲ ਕੀਤੀ ਜਾਂਦੀ ਹੈ ਇਸ ਵਿਧੀ ਵਿਚ ਹੇਠ ਲਿਖੇ ਪੜਾਅ ਹਨ:

1. ਔਰਤ ਦੇ ਅੰਡੇ ਬਣਨੇ ਬੰਦ ਕਰ ਦੇਣਾ (Down Regulation)

ਔਰਤ ਵਿਚ ਅੰਡੇ ਬਣਾਉਣ ਦੀ ਵਿਧੀ ਨੂੰ ਹਾਰਮੋਨ ਦਵਾਈਆਂ ਨਾਲ ਰੋਕਿਆ ਜਾਂਦਾ ਹੈ।ਇਸ ਨਾਲ ਇਹ ਸੰਭਵ ਹੋ ਜਾਂਦਾ ਹੈ ਕਿ ਇਲਾਜ ਕਦੋਂ ਸ਼ੁਰੂ ਕਰਨਾ ਹੈ।

2. ਜ਼ਿਆਦਾ ਅੰਡੇ ਬਣਾਉਣਾ (Hyperstimulation)

ਹਾਰਮੋਨ ਦਵਾਈਆਂ ਦੇ ਕੇ ਮਰੀਜ਼ ਦੀ ਅੰਡੇਦਾਨੀ ਵਿਚ 10-15 ਅੰਡੇ ਬਣਾਏ ਜਾਂਦੇ ਹਨ। ਜ਼ਿਆਦਾ ਅੰਡੇ ਬਣਾਉਣ ਲਈ ਕਈ ਪ੍ਰਕਾਰ ਦੀਆ ਦਵਾਈਆਂ ਮੌਜੁਦ ਹਨ।

ਅੰਡੇ ਦਾਨੀ ਵਿੱਚ ਜਿਆਦਾ ਆਂਡੇ


3. ਸ਼ੁਕਰਾਣੂ ਨੂੰ ਸੋਧਣਾ (Semen Preparation)

ਆਦਮੀ ਦੇ ਵੀਰਜ ਨੂੰ ਦਵਾਈਆ ਨਾਲ ਧੋਤਾ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਵਿਚੋਂ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਇਸ ਵਿਧੀ ਨੂੰ ਅਪਨਾਉਣ ਨਾਲ ਤੇਜ਼ ਰਫ਼ਤਾਰ ਵਾਲੇ ਵਧੀਆ ਸ਼ੁਕਰਾਣੂਆ ਦੀ ਗਿਣਤੀ ਵਿਚ ਵਾਧਾ ਹੋ ਜਾਂਦਾ ਹੈ ਫਿਰ ਗਤੀਸ਼ੀਲ਼ ਸ਼ੁਕਰਾਣੂਆ ਨੂੰ ਅੱਲਗ ਕਰ ਲਿਆ ਜਾਂਦਾ ਹੈ।

4. ਅੰਡਿਆ ਨੂੰ ਅੰਡੇਦਾਨੀ ਤੋਂ ਬਾਹਰ ਕੱਢਣਾ (Retrieval of Eggs)

ਐਚ.ਸੀ.ਜੀ. ਟੀਕੇ ਲਾਉਣ ਦੇ ਕਰੀਬ 34-36 ਘੰਟੇ ਬਾਅਦ ਅਲਟਰਾ ਸਾਊਂਡ ਦੇ ਨਿਗਰਾਨੀ ਹੇਠ ਔਰਤ ਦੀ ਅੰਡੇਦਾਨੀ ਵਿਚੋਂ ਅੰਡੇ ਬਾਹਰ ਕੱਢ ਲਏ ਜਾਂਦੇ ਹਨ। ਇਹ ਪ੍ਰਕਿਰਿਆ ਔਰਤ ਨੂੰ ਬੇਹੋਸ਼ ਕਰ ਕੇ ਕੀਤੀ ਜਾਂਦੀ ਹੈ।

5. ਅੰਡੇ ਦਾ ਸ਼ੁਕਰਾਣੂਆ ਨਾਲ ਮੇਲ (Fertilization)

ਅੰਡਿਆ ਨੂੰ ਪ੍ਰਯੋਗਸ਼ਾਲਾ ਵਿਚ ਸੋਧੇ ਹੋਏ ਸ਼ੁਕਰਾਣੂਆਂ ਨਾਲ ਮੇਲਿਆ ਜਾਂਦਾ ਹੈ। ਇਕ ਅੰਡੇ ਦੇ ਦੁਆਲੇ ਲਗਭਗ 50,000 ਸ਼ੁਕਰਾਣੂ ਰੱਖੇ ਜਾਂਦੇ ਹਨ। ਸ਼ੁਕਰਾਣੂ ਪਾਉਣ ਤੌ ਇਕ ਦਿਨ ਬਾਅਦ ਖੁਰਦਬੀਨ ਦੁਆਰਾ ਭਰੂਣਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਤਕਰੀਬਨ 65-80 ਫੀਸਦੀ ਅੰਡਿਆ ਦਾ ਉਭਵਰਨ ਹੋ ਜਾਂਦਾ ਹੈ।



6. ਭਰੂਣ ਨੂੰ ਬੱਚੇਦਾਨੀ ਵਿਚ ਰੱਖਣਾ (Embryo Transfer)

48 ਘੰਟੇ ਵਿਚ ਭਰੂਣ 4-8 ਸੈੱਲ ਦਾ ਹੋ ਜਾਂਦਾ ਹੈ। ਸਾਰੇ ਭਰੂਣਾਂ 'ਚੋ ਕੇਵਲ 2 ਭਰੂਣ ਔਰਤ ਦੀ ਬੱਚੇਦਾਨੀ ਵਿਚ ਵਾਪਸ ਰੱਖ ਦਿੱਤੇ ਜਾਂਦੇ ਹਨ। ਅਸੀਂ ਦੋ ਤੋਂ ਜ਼ਿਆਦਾ ਭਰੂਣ ਇਸ ਲਈ ਬੱਚੇਦਾਨੀ ਵਿਚ ਨਹੀਂ ਰੱਖਦੇ ਕਿਉਂਕਿ ਇਕ ਤੋ ਜ਼ਿਆਦਾ ਭਰੂਣ ਬੱਚੇਦਾਨੀ ਵਿਚ ਰੱਖਣ ਨਾਲ ਦੋ ਤੋ ਜ਼ਿਆਦਾ ਬੱਚੇ ਹੋਣ ਦਾ ਖਤਰਾ ਹੋ ਸਕਦਾ ਹੈ ਪਰ ਇਸ ਤਰ੍ਹਾਂ ਗਰਭ ਠਹਿਰਣ ਦੀ ਸੰਭਾਵਨਾ ਵਧ ਜਾਂਦੀ ਹੈ।

ਭਰੂਣਾਂ ਨੂੰ ਬੱਚੇਦਾਨੀ ਵਿਚ ਰੱਖਣਾ



7. ਗਰਭ ਦਾ ਠਹਿਰਣਾ (Pregnancy)

ਭਰੂਣ ਨੂੰ ਬੱਚੇਦਾਨੀ ਵਿਚ ਰੱਖਣ ਤੋ ਠੀਕ 14 ਦਿਨਾਂ ਬਾਅਦ ਔਰਤ ਦਾ ਗਰਭਵਤੀ ਹੋਣ ਲਈ ਟੈਸਟ ਕੀਤਾ ਜਾਂਦਾ ਹੈ। ਅਗਰ ਟੈਸਟ 'ਹਾਂ ਪੱਖੀ' ਆਉਂਦਾ ਹੈ ਤਾ ਭਵਿੱਖ ਵਿਚ ਅਲਟਰਾ ਸਾਊਂਡ ਦੀ ਮਦਦ ਨਾਲ ਬੱਚੇ ਦੇ ਵਿਕਾਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।

8. ਸਫਲਤਾ ਦੀ ਦਰ : ਇਕ ਮਹੀਨੇ (One Cycle)ਵਿਚ ਸਫਲਤਾ ਦੀ ਦਰ ਤਕਰੀਬਨ 40 ਫੀਸਦੀ ਹੈ।


ਟੈਸਟ ਟਿਊਬ ਬੇਬੀ ਦੀ ਅਸਫਲਤਾ ਦੇ ਕਾਰਨ:

  • • ਅੰਡੇਦਾਨੀ ਵਿਚ ਅੰਡਿਆ ਦਾ ਨਾ ਬਣਨਾ ।
  • • ਅੰਡੇ ਦਾ ਉਭਵਰਨ (Fertilization) ਨਾ ਹੋਣਾ ।
  • • ਇਸ ਵਿਧੀ ਦੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਭਰੂਣ ਦਾ ਬੱਚੇਦਾਨੀ ਵਿਚ ਠੀਕ ਤਰ੍ਹਾਂ ਨਾ ਟਿਕਣਾ ।
  • • ਭਰੂਣ ਦਾ ਠੀਕ-ਠਾਕ ਨਾ ਵਧਣਾ ਫੁਲਣਾ ।

ਇਕਸੀ

ਮਰਦ ਮਰੀਜ਼ਾ ਦੇ ਇਲਾਜ ਲਈ ਇਕਸੀ ਸਭ ਤੋਂ ਆਧੁਨਿਕ ਅਤੇ ਅਦਭੁੱਤ ਵਿਧੀ ਹੈ। ਜਿਹੜੇ ਮਰਦ ਮਰੀਜ਼ ਅੱਜ ਤੌਂ ਪਹਿਲਾਂ ਲਾਇਲਾਜ ਸਮਝੇ ਜਾਂਦੇ ਸਨ, ਉਨ੍ਹਾਂ ਦਾ ਹੁਣ ਸਫਲਤਾ ਪੂਰਵਕ ਇਲਾਜ ਹੋ ਸਕਦਾ ਹੈ। ਹੁਣ ਆਦਮੀ ਦੇ ਆਪਣੇ ਜੀਨਜ਼ ਤੋਂ ਬੱਚਾ ਪੈਦਾ ਕਰਨ ਦਾ ਸੁਪਨਾ ਸਾਕਾਰ ਹੋ ਗਿਆ ਹੈ। ਇਕਸੀ ਵਿਚ ਆਦਮੀ ਦਾ ਇਕ ਹੀ ਸ਼ੁਕਰਾਣੂ ਲੈ ਕੇ ਇਕ ਖ਼ਾਸ ਤਰੀਕੇ ਨਾਲ ਔਰਤ ਦੇ ਅੰਡੇ ਵਿਚ ਉਸਦਾ ਟੀਕਾ ਲਾਇਆ ਜਾਂਦਾ ਹੈ। ਇਸ ਵਿਧੀ ਨੂੰ ਟੈਸਟ ਟਿਊਬ ਬੇਬੀ ਨਾਲ ਜੋੜ ਦਿੱਤਾ ਜਾਂਦਾ ਹੈ। ਇਕਸੀ ਦੀ ਸਫਲਤਾ ਕਮਾਲ ਦੀ ਹੈ। ਇਥੋਂ ਤੱਕ ਕਿ ਜੇ ਆਦਮੀ ਦੇ ਵੀਰਜ ਵਿਚ ਕੋਈ ਸ਼ੁਕਰਾਣੂ ਨਾ ਹੋਵੇ ਤਾਂ ਉਸ ਦੇ ਅੰਡਕੋਸ਼ ਜਾਂ ਐਪੀਡਿਡਮਿਸ (Epididymis)ਵਿਚੋਂ ਕੋਈ ਸ਼ੁਕਰਾਣੂ ਲੈ ਕੇ ਟੀਕਾ ਲਗਾਇਆ ਜਾਂਦਾ ਹੈ।

ਇਕਸੀ ਦੀ ਮਸ਼ੀਨ


ਕਿਹੜੇ ਮਰੀਜ਼ਾ ਨੂੰ ਇਕਸੀ ਦਾ ਫਾਇਦਾ ਹੋ ਸਕਦਾ ਹੈ?

  • • ਉਹ ਮਰਦ ਜਿਨ੍ਹਾਂ ਦੇ ਵੀਰਜ ਵਿਚ ਸ਼ੁਕਰਾਣੂ ਬਿਲਕੁਲ ਨਹੀਂ ਹੁੰਦੇ।
  • • ਸ਼ੁਕਰਾਣੂ ਬਾਹਰ ਕੱਢਣ ਵਾਲੀ ਨਾਲੀ ਵਿਚ ਨੁਕਸ ਹੋਵੇ।
  • • ਸ਼ੁਕਰਾਣੂ ਵਾਪਸ ਪੇਸ਼ਾਬ ਵਿਚ ਚਲੇ ਜਾਣ।
  • • ਸ਼ੁਕਰਾਣੂਆ ਦੀ ਗਿਣਤੀ ਬਹੁਤ ਘੱਟ ਹੋਵੇ।
  • • ਸ਼ੁਕਰਾਣੂ ਘਟੀਆਂ ਕਿਸਮ ਦੇ ਹੋਣ।
  • • ਸ਼ੁਕਰਾਣੂ ਦੀ ਬਣਾਵਟ ਵਿਚ ਕੋਈ ਨੁਕਸ ਹੋਵੇ।
  • • ਬੇਔਲਾਦਪਣ ਦੇ ਕਿਸੇ ਕਾਰਣ ਦਾ ਪਤਾ ਨਾ ਲਗੇ।
  • • ਜੇਕਰ ਔਰਤ ਦੇ ਅੰਡੇ ਦੀ ਝਿੱਲੀ, ਮਰਦ ਦੇ ਸ਼ੁਕਰਾਣੂ ਨੂੰ ਵੜਨ ਵਿਚ ਰੁਕਾਵਟ ਪੈਦਾ ਕਰੇ।

ਇਕਸੀ ਦੀ ਪ੍ਰਕਿਰਿਆ

ਟੈਸਟ ਟਿਊਬ ਬੇਬੀ ਦੀ ਵਿਧੀ ਵਿੱਚ ਗੈਰ-ਕੁਦਰਤੀ ਤਰੀਕੇ ਨਾਲ ਸਾਰੇ ਲੋੜੀਂਦੇ ਹਾਰਮੋਨ ਜਿਆਦਾ ਮਾਤਰਾ ਵਿੱਚ ਦੇ ਕੇ ਔਰਤ ਦੀ ਅੰਡੇਦਾਨੀ ਵਿਚ 10-15 ਅੰਡੇ ਬਣਾਏ ਜਾਂਦੇ ਹਨ। ਅੰਡਿਆਂ ਨੂੰ ਅਲਟਰਾ ਸਾਊਂਡ ਦੀ ਨਿਗਰਾਨੀ ਹੇਠ ਬਾਹਰ ਕੱਢ ਕੇ ਇਕ ਖ਼ਾਸ ਤਰ੍ਹਾਂ ਦੀ ਸੂਈ ਨਾਲ ਅੰਡੇ ਵਿਚ ਇਕ ਸ਼ੁਕਰਾਣੂ ਦਾ ਟੀਕਾ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਅੰਡੇ ਅਤੇ ਸ਼ੁਕਰਾਣੂ ਦਾ ਮੇਲ ਲਗਭਗ ਪੱਕਾ ਹੋ ਜਾਂਦਾ ਹੈ । ਇਸ ਵਿਧੀ ਵਿਚ ਕਰੋੜਾਂ ਨਹੀ ਬਲਕਿ ਇਕ ਅੰਡੇ ਲਈ ਇਕ ਹੀ ਸ਼ੁਕਰਾਣੂ ਚਾਹੀਦਾ ਹੈ ਜੇਕਰ ਵੀਰਜ ਬਿਲਕੁਲ ਸ਼ੁਕਰਾਣੂ ਰਹਿਤ ਹੈ ਤਾ ਉਸ ਦੇ ਜਣਨ ਅੰਗਾ ਵਿਚੋਂ ਕੋਈ ਨਾ ਕੋਈ ਸ਼ੁਕਰਾਣੂ ਲੱਭ ਕੇ ਉਸ ਨੂੰ ਔਰਤ ਦੇ ਅੰਡੇ ਨਾਲ ਮੇਲ ਕੇ ਭਰੂਣ ਤਿਆਰ ਕਰ ਲਿਆ ਜਾਂਦਾ ਹੈ।

ਇਕਸੀ ਦੀ ਪ੍ਰਕਿਰਿਆ

ਕਿੰਨ੍ਹਾਂ ਮਰਦਾਂ ਦਾ ਇਕਸੀ ਨਹੀਂ ਹੋ ਸਕਦੀ ?

ਜਿਨ੍ਹਾਂ ਮਰਦਾਂ ਦੇ ਸ਼ੁਕਰਾਣੂਆਂ ਵਿਚ ਜਮਾਂਦਰੂ ਨੁਕਸ (Chromosomal Defect) ਹੋਵੇ, ਉਨ੍ਹਾਂ ਦਾ ਇਕਸੀ ਨਹੀਂ ਹੋ ਸਕਦੀ । ਬਹੁਤ ਘੱਟ ਮਰਦਾਂ ਵਿਚ ਇਹ ਨੁਕਸ ਹੁੰਦਾ ਹੈ।

ਇਸ ਵਿਧੀ ਦੀ ਸਫਲਤਾ ਦਰ ਇਕ ਵਾਰੀ ਵਿਚ 40 ਫੀਸਦੀ ਦੇ ਕਰੀਬ ਹੈ ।

ਜੇਕਰ ਵੀਰਜ ਬਿਲਕੁਲ ਸ਼ੁਕਰਾਣੂ ਰਹਿਤ ਹੈ ਤਾ ਉਸ ਲਈ ਹੇਠਾ ਦਿੱਤੀਆ ਵਿਧੀਆ ਵਿਚੋ ਮੋਨਾਸਿਬ ਵਿਧੀ ਅਪਣਾਈ ਜਾਂਦੀ ਹੈ:-

ਮੀਜ਼ਾ(MESA): ਸੂਈ ਪਾ ਕੇ ਮਰਦ ਦੀ ਐਪੀਡਿਡਿਮਿਸ ਵਿਚੋ ਲੋੜੀਂਦੇ ਸ਼ੁਕਰਾਣੂ ਪ੍ਰਾਪਤ ਕੀਤੇ ਜਾਂਦੇ ਹਨ । ਇਨ੍ਹਾਂ ਸ਼ੁਕਰਾਣੂਆ ਦਾ ਇਕਸੀ ਦੀ ਵਿਧੀ ਲਈ ਪ੍ਰਯੋਗ ਕੀਤਾ ਜਾਂਦਾ ਹੈ ।

ਪੀਜ਼ਾ(PESA): ਸੂਈ ਪਾ ਕੇ ਮਰਦ ਦੀ ਐਪੀਡਿਡਿਮਿਸ ਵਿਚੋ ਲੋੜੀਂਦੇ ਸ਼ੁਕਰਾਣੂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਫਿਰ ਇਕਸੀ ਦੀ ਵਿਧੀ ਨਾਲ ਅੰਡੇ ਦਾ ਉਭਵਰਨ ਕੀਤਾ ਜਾਂਦਾ ਹੈ ।

ਟੀਜ਼ਾ (TESA): ਜੇਕਰ ਸ਼ੁਕਰਾਣੂਆ ਦੀ ਪ੍ਰਾਪਤੀ ਸੂਈ ਪਾ ਕੇ ਅੰਡਕੋਸ਼ ਤੋਂ ਕੀਤੀ ਜਾਏ ਤਾਂ ਇਸ ਵਿਧੀ ਨੂੰ ਅਸੀ ਟੀਜ਼ਾ ਕਹਿੰਦੇ ਹਾਂ ।

ਟੀਜ਼ੀ(TESE): ਚੀਰਫਾੜ ਕਰਕੇ ਮਰਦ ਦੀ ਅੰਡਕੋਸ਼ ਵਿਚੋ ਲੋੜੀਂਦੇ ਸ਼ੁਕਰਾਣੂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਫਿਰ ਇਕਸੀ ਦੀ ਵਿਧੀ ਨਾਲ ਅੰਡੇ ਦਾ ਉਭਵਰਨ ਕੀਤਾ ਜਾਂਦਾ ਹੈ ।