• ਘਰ /
  • ਔਲਾਦ ਦੀ ਪ੍ਰਾਪਤੀ ਲਈ ਤੀਸਰੀ ਧਿਰ ਦਾ ਯੋਗਦਾਨ

ਔਲਾਦ ਦੀ ਪ੍ਰਾਪਤੀ ਲਈ ਤੀਸਰੀ ਧਿਰ ਦਾ ਯੋਗਦਾਨ


ਜਦੋ ਪਤੀ ਪਤਨੀ ਕਿਸੇ ਸਰੀਰਕ ਖਾਮੀ ਕਰਕੇ ਔਲਾਦ ਪੈਦਾ ਕਰਨ ਤੋਂ ਅਸੱਮਰਥ ਹੋਣ ਅਤੇ ਔਲ਼ਾਦ ਦੀ ਪ੍ਰਾਪਤੀ ਲਈ ਕਿਸੇ ਬਾਹਰਲੀ ਔਰਤ/ ਆਦਮੀ ਦੀ ਸਹਾਇਤਾ ਲੈਣੀ ਪਵੇ ਤਾਂ ਇਸ ਨੂੰ ਤੀਸਰੀ ਧਿਰ ਦਾ ਯੋਗਦਾਨ ਕਿਹਾ ਜਾਂਦਾ ਹੈ । ਇਹ ਸਹਾਇਤਾ ਚਾਰ ਰੂਪਾਂ ਵਿੱਚ ਲਈ ਜਾ ਸਕਦੀ ਹੈ।

  • 1. ਮੰਗਵਾ ਅੰਡਾ
  • 2. ਮੰਗਵੇ ਸ਼ੁਕਰਾਣੂ
  • 3. ਮੰਗਵਾ ਭਰੂਣ
  • 4. ਬੱਚੇਦਾਨੀ ਉਧਾਰ ਲੈਣਾ

ਜਨਣ ਪ੍ਰਕਿਰਿਆ ਦੀਆਂ ਸਹਾਇਕ ਵਿਧੀਆਂ ਦੀ ਹੋਂਦ ਨਾਲ ਬੇਔਲਾਦ ਜੋੜੇ ਤੀਸਰੀ ਧਿਰ ਦੀ ਸਹਾਇਤਾ ਨਾਲ ਔਲਾਦ ਦੀ ਪ੍ਰਾਪਤੀ ਕਰ ਸਕਦੇ ਹਨ ਕਿਂਉਕਿ ਇਹ ਵਿਧੀਆ ਅਪਣਾਉਂਦਿਆ ਅਸੀ ਪ੍ਰਯੋਗਸ਼ਾਲਾ 'ਚ ਅੰਡੇ ਤੇ ਸ਼ੁਕਰਾਣੂ ਦੇ ਮੇਲ ਨਾਲ ਭਰੂਣ ਤਿਆਰ ਕਰਕੇ ਔਰਤ ਦੀ ਬੱਚੇਦਾਨੀ 'ਚ ਰੱਖ ਦਿੰਦੇ ਹਾਂ ਤੇ ਔਰਤ ਗਰਭ ਧਾਰਨ ਕਰ ਸਕਦੀ ਹੈ ।ਬੇਔਲਾਦ ਜੋੜਿਆ ਨੂੰ ਕਿਨ੍ਹਾਂ ਕਾਰਨਾ ਕਰਕੇ ਇਸ ਸਹਾਇਤਾ ਦੀ ਲੋੜ ਪੈਂਦੀ ਹੈ ਤੇ ਉਹ ਇਹ ਸਹਾਇਤਾ ਕਿਵੇ ਲੈ ਸਕਦੇ ਹਨ, ਆਓ ਜਾਣੀਏ:

1. ਮੰਗਵੇ ਸ਼ੁਕਰਾਣੂ : ਆਈ.ਯੂ.ਆਈ (Intra Utrine Insemination) ਦੁਆਰਾ ਅਸੀ ਔਰਤ ਦੇ ਪਤੀ ਦੇ ਸੋਧੇ ਹੋਏ ਸ਼ੁਕਰਾਣੂ ਔਰਤ ਦੀ ਬੱਚੇਦਾਨੀ ਵਿਚ ਸਿੱਧੇ ਇਕ ਟੀਕੇ ਰਾਹੀ ਰੱਖ ਦਿੰਦੇ ਹਾਂ ਤੇ ਔਰਤ ਦੇ ਗਰਭ ਧਾਰਨ ਦੀ ਸੰਭਾਵਨਾ ਵੱਧ ਜਾਂਦੀ ਹੈ । ਔਰਤ ਦੇ ਪਤੀ ਤੋ ਇਲਾਵਾ ਕਿਸੇ ਹੋਰ ਆਦਮੀ ਦੇ ਮੰਗਵੇ ਸ਼ੁਕਰਾਣੂ ਲੈ ਕੇ ਔਰਤ ਨੂੰ ਇਸ ਵਿਧੀ ਰਾਹੀ ਮਾਂ ਬਣਾਇਆ ਜਾਂ ਸਕਦਾ ਹੈ ਮੰਗਵੇ ਸ਼ੁਕਰਾਣੂ ਦੀ ਜਰੂਰਤ ਉਸ ਵਕਤ ਪੈਂਦੀ ਹੈ :

  • • ਜਦ ਔਰਤ ਦਾ ਪਤੀ ਸ਼ੁਕਰਾਣੂ ਪੈਦਾ ਕਰਨ 'ਚ ਅਸਮਰਥ ਹੋਵੇ ।
  • • ਉਹ ਹੈਪੇਟਾਈਟਸ, ਏਡਜ਼ ਜਾਂ ਕੋਈ ਅਜਿਹੀ ਜਮਾਂਦਰੂ ਬੀਮਾਰੀ ਦਾ ਸ਼ਿਕਾਰ ਹੋਵੇ ਜਿਸ ਦੀ ਗ੍ਰਿਫਤ 'ਚ ਬੱਚੇ ਦੇ ਆ ਜਾਣ ਦਾ ਡਰ ਹੋਵੇ ।
  • • ਜਦ ਔਰਤ ਆਪਣੇ ਪਤੀ ਦੇ ਸ਼ੁਕਰਾਣੂਆਂ ਦੀ ਵਰਤੋਂ ਨਾਲ ਵਾਰ ਵਾਰ ਆਈ.ਯੂ.ਆਈ , ਟੈਸਟ ਟਿਊਬ ਬੇਬੀ ਜਾਂ ਇਕਸੀ ਰਾਹੀਂ ਸਫਲਤਾ ਨਾ ਮਿਲਦੀ ਦਿਸੇ ।
  • • ਬੇਔਲਾਦ ਜੋੜਾ ਇਕਸੀ ਦਾ ਖਰਚਾ ਨਾ ਝੱਲ ਸਕਦਾ ਹੋਵੇ ।

2. ਮੰਗਵਾ ਭਰੂਣ: ਜਦ ਪਤੀ ਤੇ ਪਤਨੀ ਕੋਈ ਸਾਂਝਾ ਨੁਕਸ ਹੋਣ ਕਰਕੇ ਬੇਔਲਾਦ ਹੋਣ ਤਾ ਪ੍ਰਯੋਗਸ਼ਾਲਾ 'ਚ ਤਿਆਰ ਕੀਤਾ ਭਰੂਣ ਦਾਨ ਵਜੋ ਲੈ ਕੇ ਟੈਸਟ ਟਿਊਬ ਬੇਬੀ ਵਿਧੀ ਰਾਹੀ ਬੱਚੇ ਦੀ ਚਾਹਵਾਨ ਔਰਤ ਦੀ ਬੱਚੇਦਾਨੀ 'ਚ ਰੱਖ ਦਿੱਤਾ ਜਾਂਦਾ ਹੈ । ਮੰਗਵਾ ਭਰੂਣ ਲੈਣ ਦੀ ਜਰੂਰਤ ਉਸ ਵਰਤ ਪੈਂਦੀ ਹੈ।

  • • ਜਦ ਪਤੀ ਤੇ ਪਤਨੀ ਦੋਹਾਂ 'ਚ ਕੋਈ ਜਮਾਂਦਰੂ ਨੁਕਸ ਹੋਵੇ ।
  • • ਔਰਤ ਦੇ ਪਤੀ ਦੇ ਵੀਰਜ 'ਚ ਸ਼ੁਕਰਾਣੂਆਂ ਦੀ ਪੂਰੀ ਤਰ੍ਹਾਂ 'ਚ ਘਾਟ ਹੋਵੇ ।
  • • ਔਰਤ ਦੀਆਂ ਅੰਡੇਦਾਨੀਆਂ ਫੇਲ੍ਹ ਹੋ ਚੁੱਕੀਆ ਹੋਣ ।
  • • ਵਾਰ ਵਾਰ ਆਪਣੇ ਭਰੂਣ ਨਾਲ ਟੈਸਟ ਟਿਊਬ ਬੇਬੀ /ਇਕਸੀ ਵਿਧੀ ਰਾਹੀ ਗਰਭ ਧਾਰਨ ਨਾ ਹੋ ਰਿਹਾ ਹੋਵੇ ।

3. ਮੰਗਵਾ ਅੰਡਾ: ਔਰਤ ਦੀ ਅੰਡੇਦਾਨੀ 'ਚ ਹਰ ਮਹੀਨੇ ਇੱਕ ਅੰਡਾ ਪੱਕ ਕੇ ਤਿਆਰ ਹੁੰਦਾ ਹੈ । 18 ਤੋਂ 35 ਸਾਲ ਦੀ ਉਮਰ 'ਚ ਇਹ ਅੰਡਾ ਅਵੱਲ ਦਰਜੇ ਦਾ ਬਣਦਾ ਹੈ । ਜੇਕਰ ਕਿਸੇ ਕਾਰਨ ਅੰਡਾ ਨਾ ਬਣੇ/ਅੱਵਲ ਦਰਜੇ ਦਾ ਨਾ ਬਣੇ ਤਾਂ ਔਰਤ ਮਾਂ ਨਹੀ ਬਣ ਸਕਦੀ ਇਸ ਹਾਲਤ ਵਿੱਚ ਟੈਸਟ ਟਿਊਬ ਬੇਬੀ /ਇਕਸੀ ਵਿਧੀ ਰਾਹੀ ਅਸੀ ਦੂਸਰੀ ਔਰਤ ਦਾ ਮੰਗਵਾ ਅੰਡਾ ਲੈ ਕੇ ਬੱਚੇ ਦੀ ਚਾਹਵਾਨ ਔਰਤ ਦੇ ਸ਼ੁਕਰਾਣੂ ਨਾਲ ਮਿਲਾਪ ਕਰਵਾਉਣ ਤੋ ਬਾਅਦ ਗਰਭ ਧਾਰਨ ਕਰਵਾਉਂਦੇ ਹਾਂ ।ਗਰਭ ਧਾਰਨ ਕਰਨ ਲਈ ਮੰਗਵੇ ਅੰਡੇ ਦੀ ਜਰੂਰਤ ਕਿਨ੍ਹਾਂ ਔਰਤਾ ਨੂੰ ਪੈਂਦੀ ਹੈ:

  • • ਜਿਹਨਾ ਦੀ ਉਮਰ ਜਿਆਦਾ ਹੋਵੇ ।
  • • ਜਿਹਨਾ ਦਾ ਅੰਡਾ ਨਾ ਬਣੇ ਜਾ ਘਟੀਆਂ ਕਿਸਮ ਦਾ ਬਣੇ ।
  • • ਜਿਨ੍ਹਾਂ ਦੀਆ ਅੰਡੇਦਾਨੀਆ ਸਮੇ ਤੋ ਪਹਿਲਾਂ ਨਿਕਾਰ ਹੋ ਜਾਣ ।
  • • ਜਿਨ੍ਹਾਂ ਔਰਤਾ ਦੀ ਕੈਂਸਰ ਦੀ ਬੀਮਾਰੀ ਹੋਣ ਕਰਕੇ ਅੰਡੇਦਾਨੀ ਬਾਹਰ ਕੱਢ ਦਿੱਤੀ ਜਾਂਦੀ ਹੈ ।
  • • ਆਪਣੇ ਅੰਡੇ ਦੀ ਵਰਤੋ ਨਾਲ ਟੈਸਟ ਟਿਊਬ ਬੇਬੀ /ਇਕਸੀ ਵਿਧੀ ਰਾਹੀ ਸਫਲਤਾ ਨਾ ਮਿਲੇ।

4. ਬੱਚੇਦਾਨੀ ਉਧਾਰ ਲੈਣਾ: ਜਦ ਕਿਸੇ ਕਾਰਨ ਔਰਤ ਆਪਣੀ ਬੱਚੇਦਾਨੀ ਰਾਹੀ ਬੱਚਾ ਪੈਦਾ ਨਾਂ ਕਰ ਸਕੇ ਤਾਂ ਬੱਚੇਦਾਨੀ ਉਧਾਰ ਲੈਣ ਦੀ ਜਰੂਰਤ ਪੈ ਸਕਦੀ ਹੈ । ਜਿਵੇ ਕਿ:

  • • ਜਿਵੇਂ ਬੱਚੇਦਾਨੀ ਦਾ ਜਮਾਂਦਰੂ ਨਾ ਹੋਣਾ ।
  • • ਬੱਚੇਦਾਨੀ ਨੂੰ ਉਪਰੇਸ਼ਨ ਰਾਹੀ ਬਾਹਰ ਕਢਵਾ ਦੇਣਾ ਜਾਂ ਜਖਮ ਕਾਰਨ ਨਿਕਾਰਾ ਹੋ ਜਾਣਾ ।
  • • ਬੱਚੇਦਾਨੀ ਵੱਲੋਂ ਬੱਚਾ ਗ੍ਰਹਿਣ ਨਾ ਕਰ ਸਕਣਾ ।
  • • ਜਿਆਦਾ ਬੱਲਡ ਪ੍ਰੈਸ਼ਰ ਜਾਂ ਦਿਲ ਦੇ ਦੌਰੇ ਦੇ ਖਤਰੇ ਕਾਰਨ ਆਪਣੀ ਬੱਚੇਦਾਨੀ 'ਚ ਬੱਚੇ ਦੇ ਵਿਕਾਸ ਤੋ ਡਰਨਾ ।
  • • ਵਾਰ-ਵਾਰ ਗਰਭ ਦਾ ਗਿਰ ਜਾਣਾ ਤੇ ਵਾਰ-ਵਾਰ ਟੈਸਟ ਟਿਊਬ ਬੇਬੀ/ਇਕਸੀ ਵਿਧੀ ਰਾਹੀ ਸਫਲਤਾ ਨਾ ਮਿਲਣੀ ।

ਜੇਕਰ ਬੱਚਾ ਪੈਦਾ ਕਰਨ ਦੀ ਚਾਹਵਾਨ ਔਰਤ ਦਾ ਅੰਡਾ ਬਣਦਾ ਹੋਵੇ ਤਾ ਦਵਾਈਆ ਨਾਲ ਜਿਆਦਾ ਅੰਡੇ ਬਣਾ ਕੇ ਇਨ੍ਹਾਂ ਦਾ ਮਿਲਾਪ ਔਰਤ ਤੇ ਪਤੀ ਦੇ ਸ਼ੁਕਰਾਣੂ ਨਾਲ ਕਰਵਾਉਣ ਤੋ ਬਾਅਦ ਭਰੂਣ ਤਿਆਰ ਕਰਕੇ ਬੱਚੇਦਾਨੀ ਉਧਾਰ ਦੇਣ ਵਾਲੀ ਔਰਤ ਦੀ ਬੱਚੇਦਾਨੀ 'ਚ ਬੱਚੇ ਦੇ ਵਿਕਾਸ ਲਈ ਰੱਖ ਦਿੰਦੇ ਹਾਂ । ਜੇਕਰ ਚਾਹਵਾਨ ਔਰਤ ਦਾ ਅੰਡਾ ਨਹੀ ਬਣਦਾ ਹੋਵੇ ਤਾ ਕਿਸੇ ਹੋਰ ਔਰਤ ਕੋਲੋ ਅੰਡਾ ਮੰਗਵਾ ਲੈ ਸਕਦੇ ਹਾਂ । ਬੱਚੇਦਾਨੀ ਉਧਾਰ ਦੇਣ ਵਾਲੀ ਔਰਤ ਕਾਨੂੰਨੀ ਤੋਰ ਤੇ ਅੰਡਾ ਦਾਨ ਨਹੀ ਕਰ ਸਕਦੀ । ਅੰਡਾ ਦਾਨ ਲੈਣ ਤੋ ਬਾਅਦ ਚਾਹਵਾਨ ਔਰਤ ਦੇ ਪਤੀ ਦੇ ਸ਼ੁਕਰਾਣੂ ਜਾਂ ਮੰਗਵੇ ਸ਼ੁਕਰਾਣੂ ਸੋਧ ਕੇ ਭਰੂਣ ਤਿਆਰ ਕੀਤਾ ਜਾਂਦਾ ਹੈ ਅਤੇ ਬੱਚੇਦਾਨੀ ਉਧਾਰ ਦੇਣ ਵਾਲੀ ਔਰਤ ਦੀ ਬੱਚੇਦਾਨੀ 'ਚ ਰੱਖ ਦਿੰਦੇ ਹਾਂ ਅਤੇ ਜਿਹੜੇ ਜੋੜੇ ਆਪਣੀਆ ਸਰੀਰਕ ਖਾਮੀਆਂ ਕਾਰਨ ਔਲ਼ਾਦ ਦੀ ਪ੍ਰਾਪਤੀ ਨਹੀ ਕਰ ਸਕਦੇ ਹੁਣ ਤੀਸਰੀ ਧਿਰ ਦੇ ਯੋਗਦਾਨ ਨੇ ਉਹਨਾ ਲਈ ਔਲ਼ਾਦ ਦੀ ਪ੍ਰਾਪਤੀ ਲਈ ਆਸ ਦੀ ਨਵੀ ਕਿਰਨ ਪੈਦਾ ਕਰ ਦਿੱਤੀ ਹੈ ।